ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦੇ ਸੱਦੇ ਦੇ ਚਲਦਿਆਂ ਪਿਛਲੇ ਨੌਂ ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਕੀਤੀ ਸਖ਼ਤ ਨਾਕੇਬੰਦੀ ਨੂੰ ਤੋੜ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਉੱਤੇ ਅੰਨ੍ਹੇਵਾਹ ਅੱਥਰੂ ਗੈਸ ਤੇ ਰਬੜ ਦੀਆਂ ਗੋਲ਼ੀਆਂ ਦੀ ਵਰਤੋਂ ਕੀਤੀ ਗਈ। ਪੁਲਿਸ ਵੱਲੋਂ ਕੀਤੇ ਗਏ ਬਲ ਪ੍ਰਯੋਗ ‘ਚ ਜਿੱਥੇ ਦਰਜਨ ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ
ਉਥੇ ਹੀ, ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋਂ ਨਾਲ ਸਬੰਧਤ 23 ਸਾਲਾ ਸ਼ੁਭ ਕਰਮਨ ਸਿੰਘ ਪੁੱਤਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਸ਼ੁਭ ਕਰਮਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਸਿਰਫ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਦੋ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਨੂੰ ਪੀਜੀਆਈ ਰੋਹਤਕ ਰੈਫਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੇ ਦਿੱਤੇ ਗਏ ਸੱਦੇ
ਤਹਿਤ ਜਦੋਂ ਦੁਪਹਿਰ ਸਮੇਂ ਕਿਸਾਨ ਹਰਿਆਣਾ ਦੇ ਬਾਰਡਰ ਵੱਲ ਵਧਣ ਲੱਗੇ ਤਾਂ ਪੁਲਿਸ ਵੱਲੋਂ ਅੰਨ੍ਹੇਵਾਹ ਅੱਥਰੂ ਗੈਸ ਦੇ ਗੋਲ਼ਿਆਂ ਦੀ ਵਰਤੋਂ ਕਰਨ ਦੇ ਨਾਲ ਰਬੜ ਦੀਆਂ ਗੋਲ਼ੀਆਂ ਦੀ ਵੀ ਵਰਤੋਂ ਕੀਤੀ ਜਿਸ ਵਿਚ ਦੋ ਕਿਸਾਨ ਜ਼ਖ਼ਮੀ ਹੋਣ ਵਾਲੇ ਕਿਸਾਨਾਂ ‘ਚ ਦਿਲਾਵਰ ਸਿੰਘ ਪੁੱਤਰ ਬਚਨਾ ਸਿੰਘ ਪਿੰਡ ਔਲਖ ਜ਼ਿਲ੍ਹਾ ਮੁਕਤਸਰ, ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ, ਕੋਮਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ, ਜੁਗਰਾਜ
ਸਿੰਘ ਪੁੱਤਰ ਤੇਜ ਸਿੰਘ ਪਿੰਡ ਭਟਾਲ ਖੁਰਦ ਜ਼ਿਲ੍ਹਾ ਸੰਗਰੂਰ, ਨਰੇਸ਼ ਪੁੱਤਰ ਬਲਵੰਤ ਸਿੰਘ ਵਾਸੀ ਹਿਸਾਰ ਹਰਿਆਣਾ, ਸਿਮਰਨ ਸਿੰਘ ਪੁੱਤਰ ਕਰਮਜੀਤ ਸਿੰਘ ਪਿੰਡ ਸ਼ੇਰੋਂ ਜਿਲਾ ਸੰਗਰੂਰ, ਜਤਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਪਰਭੌਤ ਜ਼ਿਲ੍ਹਾ ਕੈਥਲ (ਹਰਿਆਣਾ), ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਮੌੜ ਜ਼ਿਲ੍ਹਾ ਸੰਗਰੂਰ ਸ਼ਾਮਿਲ ਹਨ। ਜ਼ਖ਼ਮੀ ਹੋਏ ਕਿਸਾਨਾਂ ‘ਚੋਂ ਸਿਮਰਨਜੀਤ ਸਿੰਘ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਰਜਿੰਦਰਾ
ਹਸਪਤਾਲ ਪਟਿਆਲਾ ਰੈਫਰ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਰਬੜ ਦੀਆਂ ਗੋਲ਼ੀਆਂ ਨਹੀਂ ਸਗੋਂ ਸਿੱਧੀਆਂ ਗੋਲ਼ੀਆਂ ਦੀ ਵਰਤੋਂ ਕਰ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।