ਗੁਰਦੁਆਰਾ ਹਰੀਆਂ ਵੇਲਾਂ ਦਾ ਨਾਂ ਸਿੱਖ ਇਤਿਹਾਸ ਦੇ ਪੰਨਿਆਂ ਅੰਦਰ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੈ।ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਨੂੰ ਪਾਤਸ਼ਾਹੀ ਸੱਤਵੀਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ।ਸ਼ਿਵਾਲਿਕ ਪਰਬਤ ਦੀ ਗੋਦ ਵਿੱਚ ਸੁਭਾਇਮਾਨ ਗੁਰਦੁਆਰਾ ਹਰੀਆਂ ਵੇਲਾਂ,ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਨੌਰ ਦੇ ਬਾਹਰਵਾਰ ਸਥਿਤ ਹੈ।ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਧਰਮਪ੍ਰਚਾਰ ਯਾਤਰਾ ਦੌਰਾਨ ਆਪਣੇ ਮਹਿਲਾਂ ਅਤੇ ਘੋੜ ਸਵਾਰ ਯੋਧਿਆਂ ਸਮੇਤ ਇਸ ਅਸਥਾਨ ‘ਤੇ ਗੁਰੂ ਘਰ ਦੇ ਪ੍ਰੇਮੀ ਬਾਬਾ ਪ੍ਰੇਮ ਦਾਸ ਜੀ ਬਲੱਗਣ ਨੂੰ ਦਰਸ਼ਨ ਦੇਣ ਲਈ ਪਧਾਰੇ ਸਨ।
ਗੁਰੂ ਚਰਨਾਂ ਦਾ ਭੌਰਾ ਬਣੀ ਬੇਠੈ ਪ੍ਰੇਮ ਦਾਸ ਦੇ ਮਨ ਵਿੱਚ ਇਹ ਤਾਂਘ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੱਤਵੀਂ ਜੋਤ ਸ਼੍ਰੀ ਗੁਰੂ ਹਰਿਰਾਇ ਸਾਹਿਬ ਮੈਨੂੰ ਗਰੀਬ ਨੂੰ ਵੀ ਦਰਸ਼ਨ ਦੇ ਕੇ ਨਿਹਾਲ ਕਰਨ।ਦਿਲਾਂ ਦੀਆਂ ਜਾਨਣ ਵਾਲੇ ਮਾਲਕ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ੧੫ ਨਵੰਬਰ ੧੬੫੧ ਈਸਵੀ ਨੂੰ ਆਪਣੇ ਮਹਿਲਾਂ ਅਤੇ ੨੨੦੦ ਘੋੜ ਸਵਾਰ ਸਿੱਖ ਯੋਧਿਆਂ ਸਮੇਤ ਇਸ ਸਥਾਨ ‘ਤੇ ਆਣ ਉਤਾਰੇ ਕੀਤੇ।ਗੁਰੂ ਜੀ ਨੂੰ ਦੇਖ ਬਾਬਾ ਪ੍ਰੇਮ ਦਾਸ ਜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।ਗੁਰੂ ਜੀ ਨੇ ਇਸ ਅਸਥਾਨ ‘ਤੇ ਤਿੰਨ ਦਿਨ ਵਿਸ਼ਰਾਮ ਕੀਤਾ।ਇਲਾਕੇ ਦੀਆਂ ਸੰਗਤਾਂ ਨੂੰ ਜਿaਂ ਜਿaਂ ਗੁਰੂ ਸਾਹਿਬ ਦੇ ਇੱਥੇ ਆਉਣ ਦੀ ਜਾਣਕਾਰੀ ਮਿਲਦੀ ਗਈ ਤਿaੁਂ ਤਿaੁਂ ਭਾਰੀ ਗਿਣਤੀ ਵਿੱਚ ਸੰਗਤਾਂ ਗੁਰੂ ਸਾਹਿਬ ਦਾ ਉਪਦੇਸ਼ ਸਰਵਣ ਕਰਨ ਲਈ ਸਵੇਰ-ਸ਼ਾਮ ਦੀਵਾਨ ਵਿੱਚ ਇਕੱਤਰ ਹੋਣ ਲੱਗ ਪਈਆਂ। ਉਸ ਸਮੇਂ ਇੱਸ ਇਲਾਕੇ ਵਿੱਚ ਪਾਣੀ ਅਤੇ ਪਸ਼ੂਆਂ ਲਈ ਪੱਠਿਆਂ ਦੀ ਬਹੁਤ ਘਾਟ ਸੀ।ਇੱਕ ਦਿਨ ਬਾਬਾ ਪ੍ਰੇਮ ਦਾਸ ਜੀ ਨੇ ਗੁਰੂ ਜੀ ਦੇ ਘੋੜਿਆਂ ਨੂੰ ਭੁੱਖਿਆਂ ਵੇਖ ਆਪਣੇ ਘਰ ਨਜ਼ਦੀਕ ਉਗੀਆਂ ਜੰਗਲੀ ਵੇਲਾਂ ਜੜ੍ਹਾਂ ਸਮੇਤ ਪੁੱਟ ਕੇ ਘੋੜਿਆਂ ਨੂੰ ਪਾ ਦਿੱਤੀਆਂ, ਘੋੜਿਆਂ ਨੇ ਵੇਲਾਂ ਬਹੁਤ ਪ੍ਰਸੰਨ ਹੋ ਕੇ ਖਾਧੀਆਂ। ਗੁਰੂ ਹਰਿਰਾਇ ਸਾਹਿਬ ਜੀ ਨੇ ਬਾਬਾ ਪ੍ਰੇਮ ਦਾਸ ਜੀ ਨੂੰ ਪੁੱਛਿਆ ਕਿ ਤੁਸੀ ਸਾਡੇ ਘੋੜਿਆਂ ਨੂੰ ਕੀ ਛਕਾਇਆ ਹੈ, ਜੋ ਅੱਜ ਬਹੁਤ ਪ੍ਰਸੰਨ ਸਨ।ਇਸ ‘ਤੇ ਭਾਈ ਪ੍ਰੇਮ ਦਾਸ ਜੀ ਨੇ ਉੱਤਰ ਦਿੱਤਾ,”ਮਹਾਰਾਜ ਮੈ ਗਰੀਬ ਨੇ ਆਪ ਜੀ ਦੇ ਘੋੜਿਆਂ ਦੀ ਕੀ ਸੇਵਾ ਕਰਨੀ ਹੈ,ਖੇਤਾਂ ਵਿੱਚ ਵੇਲਾਂ ਉਗੀਆਂ ਹੋਈਆਂ ਸਨ ਉਹੀ ਘੋੜਿਆਂ ਨੂੰ ਪਾਈਆਂ ਹਨ।” ਬਾਬਾ ਪ੍ਰੇਮ ਦਾਸ ਜੀ ਦੀ ਇਸ ਸ਼ਰਧਾ ਭਾਵਨਾ ਤੋਂ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਵਰ ਬਖਸ਼ਿਆ ਕਿ,”ਪ੍ਰੇਮ ਦਾਸ ਜੀ ਤੁਹਾਡੀਆਂ ਵੇਲਾਂ ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਸਦਾ ਹੀ ਹਰੀਆਂ ਭਰੀਆਂ ਰਹਿਣਗੀਆਂ।ਗੁਰੂ ਸਾਹਿਬ ਦੇ ਇਸ ਵਰ ਤੋਂ ਹੀ ਇਸ ਅਸਥਾਨ ਦਾ ਨਾਂ ਗੁਰਦੁਆਰਾ ਹਰੀਆਂ ਵੇਲਾਂ ਪੈ ਗਿਆ। ਗੁਰੂ ਜੀ ਨੇ ਇਥੇ ਉਤਾਰਾ ਕਰਨ ਸਮੇਂ ਜਿਸ ਖਜੂਰ ਦੇ ਦਰਖਤ ਨਾਲ ਆਪਣਾ ਘੋੜਾ ਬੰਨ੍ਹਿਆ ਸੀ,ਉਸ ਖਜੂਰ ਦੇ ਦਰਖਤ ਨਾਲ ਅੱਜ ਵੀ ਵੇਲਾਂ ਹਰੀਆਂ ਭਰੀਆਂ ਖੜੀਆਂ ਹਨ।ਇਨ੍ਹਾਂ ਵੇਲਾਂ ਨੂੰ ਪਤਝੱੜ ਹੋਣ ਤੋਂ ਪਹਿਲਾਂ ਹੀ ਨਵੇਂ ਪੱਤੇ ਨਿਕਲ ਆਉਂਦੇ ਹਨ।ਸੰਗਤਾਂ ਵਲੋਂ ਇਲਾਕੇ ਵਿੱਚ ਜਲ ਦੀ ਘਾਟ ਸਬੰਧੀ ਬੇਨਤੀ ਕਰਨ ‘ਤੇ ਗੁਰੂ ਸਾਹਿਬ ਨੇ ਗੁਰਦੁਆਰਾ ਸਾਹਿਬ ਤੋਂ ੨ ਫਰਲਾਂਗ ਚੜ੍ਹਦੇ ਵੱਲ ਆਪਣੇ ਪਵਿੱਤਰ ਕਰ ਕਮਲਾਂ ਨਾਲ ਧਰਤੀ ਵਿੱਚ ਤੀਰ ਮਾਰ ਕੇ ਜਲ ਦਾ ਪਵਿੱਤਰ ਚਸ਼ਮਾ ਪ੍ਰਗਟ ਕੀਤਾ। ਗੁਰੂ ਜੀ ਨੇ ਵਰ ਬਖਸ਼ਿਆ ਕਿ ਜੋ ਵੀ ਪ੍ਰਾਣੀ ਸ਼ਰਧਾ ਨਾਲ ਇਸ ਸਰੋਵਰ ਇਸ਼ਨਾਨ ਕਰੇਗਾ ਉਸ ਦੇ ਸਾਰੇ ਰੋਗ ਦੂਰ ਹੋਣਗੇ, ਸ਼ੁਭ ਕਾਮਨਾਵਾਂ ਪੂਰਨ ਹੋਣਗੀਆਂ ਅਤੇ ਸਰੀਰ ਹਰਿਆ ਭਰਿਆ ਹੋ ਕੇ ਮੋਤੀਆਂ ਵਾਂਗ ਚਮਕੇਗਾ।ਇਸ ਕਰਕੇ ਇਹ ਸਰੋਵਰ ਮੋਤੀ ਸਰੋਵਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਇਸ ਸਮੇਂ ਸੰਗਤਾਂ ਲਈ ਰੂਹਾਨੀ ਖਿੱਚ ਦਾ ਮਹੱਤਵਪੂਰਨ ਤੀਰਥ ਬਣ ਚੁੱਕਾ ਹੈ।ਗੁਰੂ ਜੀ ਇੱਥੇ ਜਿਸ ਅਸਥਾਨ ਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿਆ ਕਰਦੇ ਸਨ, ਉਸ ਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲਿਆਂ ਨੇ ੧੫ ਸਤੰਬਰ ੧੯੦੭ ਈਸਵੀ ਨੂੰ ਰੱਖਿਆ ਸੀ।ਜਿੱਥੇ ਅੱਜ ਸੱਚਖੰਡ ਵਾਸੀ ਜੱਥੇਦਾਰ ਬਾਬਾ ਹਰਭਜਨ ਸਿੰਘ ਜੀ ਦੀ ਅਣਥੱਕ ਨਿਸ਼ਕਾਮ ਸੇਵਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਹਰੀਆਂ ਵੇਲਾਂ ਦੀ ਬਹੁਤ ਹੀ ਸੁੰਦਰ ਅਤੇ ਆਲੀਸ਼ਾਨ ਇਮਾਰਤ ਸ਼ੁਸ਼ੋਭਿਤ ਹੈ।ਇਸ ਸਥਾਨ ‘ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸੰਨ ੧੭੦੧ ਈਸਵੀ ਵਿੱਚ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪਾ ਕੇ ਬੱਸੀ ਕਲਾਂ ਦੇ ਪਠਾਣ ਜਾਬਰ ਖਾਂ ਨੂੰ ਸੋਧਣ ਜਾਣ ਸਮੇਂ ਆਏ ਸਨ।ਉਨ੍ਹਾਂ ਇੱਥੇ ਮੰਜੀ ਸਾਹਿਬ ਵਾਲੇ ਸਥਾਨ ‘ਤੇ ਕੁਝ ਸਮਾਂ ਆਰਾਮ ਕੀਤਾ ਅਤੇ ਸਿੰਘਾਂ ਨਾਲ ਯੁੱਧ ਸਬੰਧੀ ਵਿਚਾਰਾਂ ਕੀਤੀਆਂ।ਗੁਰਦੁਆਰਾ ਹਰੀਆਂ ਵੇਲਾਂ ਦੀ ਦੁੱਧ ਰੰਗੀ ਦਰਬਾਰ ਸਾਹਿਬ ਦੀ ਇਮਾਰਤ ਸੰਗਤਾਂ ਨੂੰ ਆਪ ਮੁਹਾਰੇ ਖਿੱਚਦੀ ਹੈ।ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸੰਗਮਰਮਰ ਦੇ ਸਾਫ ਸੁਥਰੇ ਲਿਸ਼ਕਵੇਂ ਫਰਸ਼ ਅਤੇ ਪਰਿਕਰਮਾ ਦੇ ਨਾਲ ਨਾਲ ਬਣੀਆਂ ਕਿਆਰੀਆਂ ਵਿੱਚ ਭਾਂਤ ਭਾਂਤ ਦੇ ਫੁੱਲ ਅਤੇ ਵੇਲ ਬੂਟੇ ਚੁਫੇਰੇ ਸੁਗੰਧੀਆਂ ਖਿਲਾਰਦੇ ਹਨ।ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਗੁਰਬਾਣੀ ਦਾ ਪਾਠ ਅਤੇ ਕਥਾ ਕੀਰਤਨ ਇੱਥੋਂ ਦੇ ਸ਼ਾਤਮਈ ਵਾਤਾਵਰਨ ਵਿੱਚ ਇੱਕ ਰੂਹਾਨੀ ਮਹਿਕ ਬਿਖੇਰਦਾ ਹੈ।ਸੰਗਤਾਂ ਸੰਤਾਨ ਦੀ ਪ੍ਰਾਪਤੀ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸਾਂ ਕਰਦੀਆਂ ਹਨ ਅਤੇ ਪੂਰਨ ਹੋਣ ਤੇ ਘੋੜੇ ਭੇਂਟ ਕਰਦੀਆਂ ਹਨ।ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ (ਛਾਉਣੀ ਨਿਹੰਗ ਸਿੰਘਾਂ) ਜਥੇਬੰਦੀ ਦਾ ਇਹ ਅਸਥਾਨ ਮੁੱਖ ਦਫਤਰ ਵੀ ਹੈ, ਜਿੱਥੋਂ ਮੌਜੂਦਾ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਬੰਦੀ ਦੇ ਬਾਕੀ ਗੁਰਧਾਮਾਂ ਦੀ ਸੇਵਾ ਸੰਭਾਲ ਸਬੰਧੀ ਕਾਰਜ ਚਲਾਉਂਦੇ ਹਨ।ਇੱਥੇ ਹੀ ਨਿਹੰਗ ਸਿੰਘਾਂ ਨੂੰ ਗਤਕੇਬਾਜ਼ੀ ਅਤੇ ਘੋੜਸਵਾਰੀ ਦੀ ਸਿੱਖਿਆ ਦਿੱਤੀ ਜਾਂਦੀ ਹੈ।ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਅਵਤਾਰ ਪੁਰਬ,ਵਿਸਾਖੀ,ਮਾਘੀ ਅਤੇ ਸੱਚਖੰਡ ਵਾਸੀ ਬਾਬਾ ਹਰਭਜਨ ਸਿੰਘ ਜੀ ਤੇ ਬਾਬਾ ਬਿਸ਼ਨ ਸਿੰਘ ਜੀ ਦੀ ਬਰਸੀ ਸਲਾਨਾ ਸਮਾਗਮ ਵਜੋਂ ਮਨਾਈ ਜਾਂਦੀ ਹੈ, ਹਰ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।