ਸੀਨਾ ਚੀਰ ਜਾਣ ਵਾਲੀ ਡਾਇਰੀ

ਭਲੇ ਵੇਲ਼ੇ ਦੀ ਗੱਲ ਦੱਸੀ ਸੀ ਤਾਏ ਦਿਆਲੇ ਨੇ ।ਉਹ ਤੇ ਉਸਦੀ ਮਾਂ,ਸਿਖਰ ਦੁਪਹਿਰੇ ਡੰਡੀਓ-ਡੰਡੀ,ਆਪਣੇ ਪਿੰਡ ਨੂੰ ਪੈਦਲ ਤੁਰੇ ਆ ਰਹੇ ਸੀ । ਮੈਨੂੰ ਨਹੀਂ ਪਤਾ ਕਿ ਇੱਕ ਕੋਹ ਦੇ,ਕਿੰਨੇ ਮੀਲ ਜਾਂ ਕਿਲੋਮੀਟਰ ਬਣਦੇ ਨੇ । ਪਰ ਤਾਇਆ ਦਸਦਾ ਸੀ,ਚਾਰ ਕੁ ਕੋਹ ‘ਤੇ ਉਸਦੀ ਮਾਸੀ ਵਿਆਹੀ ਹੋਈ ਸੀ । ਜਿੱਥੋਂ ਉਹ ਦੋ ਦਿਨ ਰਹਿ ਕੇ ਵਾਪਿਸ ਆ ਰਹੇ ਸਨ । ਤਾਏ ਦੀ ਉਮਰ ਮਸੀਂ ਪੰਜ ਛੇ ਸਾਲ ਸੀ ਤੇ ਉਸਦੀ ਮਾਂ ਚੌਵੀਆਂ ਪੱਚੀਆਂ ਦੀ ।

ਗੁਮਾਰੇ ਦੇ ਖੇਤਾਂ ਵਿੱਚੋਂ ਅਚਾਨਕ, ਦੋ ਮੁੰਢਾਸੇ ਬੰਨ੍ਹੀ (ਸਿਰ ਮੂੰਹ ਲਿਪੇਟੀਂ) ਬੰਦੇ ਸਾਹਮਣੇ ਆਏ । ਜਿੰਨ੍ਹਾਂ ਦੇ ਹੱਥਾਂ ਵਿੱਚ ਬਰਛੇ ਸਨ । ਇੱਕ ਨੇ ਤਾਏ ਦਾ ਮੂੰਹ ਘੁੱਟ ਲਿਆ ਤੇ ਦੂਸਰੇ ਨੇ,ਉਸਦੀ ਮਾਂ ਦਾ ।“ਸਾਰਾ ਗਹਿਣਾ ਗੱਟਾ ਫੜਾ ਦੇ ਬੀਬੀ,ਨਹੀਂ ਤੈਨੂੰ ਤੇ ਤੇਰੇ ਛੋਹਰ ਨੂੰ ਮਾਰ ਦੇਣਾ ਅਸੀਂ ।” ਤਾਏ ਦਾ ਮੂੰਹ ਘੁੱਟੀਂ ਬੈਠੇ ਬੰਦੇ ਨੇ ਕਿਹਾ। ਤਾਏ ਦੀ ਮਾਂ ਨੇ ਝੱਟ ਦੇਣੀਂ ਪਹਿਨੇ ਹੋਏ ਸਾਰੇ ਗਹਿਣੇ ਲਾਹ ਕੇ ਫੜਾ ਦਿੱਤੇ ਤੇ ਉਹ ਬੰਦੇ ਪਲਾਂ ਛਿਣਾਂ ‘ਚ ਗੁਮਾਰੇ ਦੇ ਖੇਤ ਵਿੱਚ ਈ ਗਾਇਬ ਹੋ ਗਏ ।

ਤਾਇਆ ਤੇ ਉਸਦੀ ਮਾਂ ਹਿਚਕੀਆਂ ਲੈਂਦੇ ਤੁਰ ਪਏ ।ਅੱਗੇ ਉਹਨਾਂ ਜਿਸ ਪਿੰਡ ਵਿੱਚੋਂ ਲੰਘਣਾ ਸੀ,ਓਥੇ ਵੱਡੇ ਸਾਰੇ ਬਰੋਟੇ ਹੇਠਾਂ ਬੈਠੇ ਕਈ ਬੰਦੇ ਤਾਸ਼ ਖੇਡ ਰਹੇ ਸਨ । ਜਦੋਂ ਉਹ ਓੱਥੋਂ ਦੀ ਲੰਘਣ ਲੱਗੇ ਤਾਂ ਇੱਕਬਜੁਰਗ ਬੋਲਿਆ,”ਕੀ ਹੋਇਆ ਬੀਬੀ ?”ਤਾਏ ਦੀ ਮਾਂ ਨੇ ਬੀਤੀ ਸਾਰੀ ਗੱਲ ਦੱਸ ਦਿੱਤੀ । ਤਾਸ਼ ਖੇਡਦੇ ਸਭ ਬੰਦੇ ਤਾਸ਼ ਖੇਡਣੋਂ ਹਟ ਗਏ ।“ਆ ਜੋ ਭਾਈ ਬੀਬੀ,ਘਰ ਚਾਹ ਪਾਣੀ ਪੀ ਕੇ ਜਾਇਓ । ਓਥੇ ਬਹਿ ਕੇ ਗੱਲ ਕਰਦੇ ਆਂ ।

”ਬਜੁਰਗ ਓਹਨਾਂ ਨੂੰ ਘਰ ਲੈ ਗਿਆ ਤੇ ਘਰ ਦੀਆਂ ਤ੍ਰੀਮਤਾਂ ਨੂੰ ਹਦਾਇਤ ਕਰ ਗਿਆ ਕਿ ਜਦੋਂ ਤੱਕ ਉਹ ਵਾਪਿਸ ਨਹੀਂ ਆ ਜਾਂਦਾ,ਇਹਨਾਂ ਨੂੰ ਜਾਣ ਨਾ ਦਿਇਓ ।ਬਜੁਰਗ ਨੇ ਘੋੜੀ ਖੋਹਲੀ ਤੇ ਘਰੋਂ ਨਿਕਲ ਗਿਆ । ਮਸੀਂ ਅੱਧੇ ਕੁ ਘੰਟੇ ਬਾਅਦ ਉਹ ਵਾਪਸ ਆ ਗਿਆ । ਤਾਏ ਦੀ ਮਾਂ ਦੇ ਸਾਰੇ ਦੇ ਸਾਰੇ ਗਹਿਣੇ ਉਸਦੇ ਹੱਥ ਵਿੱਚ ਸਨ ।ਬਾਈ,ਇਹ ਕਿਵੇਂ ਮਿਲ ਗਏ !” ਤਾਏ ਦੀ ਮਾਂ ਨੇ ਹੈਰਾਨੀ ਨਾਲ ਪੁੱਛਿਆ ।ਹੁਣ ਤੂੰ ਬਾਈ ਕਿਹਾ ਏ ਭੈਣਾਂ, ਤਾਂ ਬਸ ਏਨੀ ਗੱਲ ਦਸਦਾਂ ਕਿ ਕੋਈ ਮੇਰਾ ਈ ਆਪਣਾ ਐ,

ਜੋ ਆਹ ਬੁਰਾਈ ਵਿੱਚ ਵੜਿਆ ਹੋਇਆ ਆ । ਬਸ ਹੋਰ ਕੁਛ ਨਾ ਪੁੱਛੀਂ ।” ਬਜੁਰਗ ਨੇ ਤਾਏ ਦੀ ਮਾਂ ਦੇ ਸਿਰ ‘ਤੇ ਹੱਥ ਰਖਦਿਆਂ ਕਿਹਾ ।ਫੇਰ ਉਹ ਖੁਦ ਘੋੜੀ ਉੱਤੇ ਓਹਨਾਂ ਦੋਵਾਂ ਨੂੰ ਘਰ ਛੱਡ ਕੇ ਗਿਆ । ਤੇ ਅਗਲੀ ਗੱਲ,ਜਦੋਂ ਤੱਕ ਉਹ ਬਜੁਰਗ ਬੇਲਾ ਸਿੰਘ ਜਿਉਂਦਾ ਰਿਹਾ,ਉਹ ਉਸਦੀ ਮਾਂ ਦਾ ਭਰਾ ਬਣ ਕੇ ਹਰ ਤਿੱਥ ਤਿਉਹਾਰ ਸਾਂਝੇ ਕਰਦਾ ਰਿਹਾ । ਬਾਅਦ ਵਿੱਚ ਬੇਲਾ ਸਿੰਘ ਹੁਰਾਂ ਦਾ ਪਰਵਾਰ ਉੱਥੋਂ ਜਮੀਨ ਵੇਚ ਕੇ ਕਿਤੇ ਹੋਰ ਚਲਿਆ ਗਿਆ ।ਅਜਿਹੀਆਂ ਘਟਨਾਵਾਂ, ਓਹਨਾਂ ਭਲਿਆਂ ਵੇਲ਼ਿਆਂ ਦੀਆਂ ਬੜੀਆਂ ਸਨ । ਤੇ ਅੱਜ……!!

Leave a Reply

Your email address will not be published.