ਦਾਨ ਦਾ ਭਾਵ ਕਿਸੇ ਨੂੰ ਦਿੱਤੀ ਹੋਈ ਵਸਤੂ ਜਾਂ ਧਨ ਹੈ ਜਿਸ ਲਈ ਲੈਣ ਵਾਲੇ ਦਾ ਕੋਈ ਕਾਨੂੰਨੀ ਹੱਕ ਤਾਂ ਨਹੀਂ ਹੁੰਦਾ, ਪਰ ਨੈਤਕਤਾ ਦੇ ਅਧਾਰ ਤੇ ਕਿਸੇ ਲੋੜਵੰਦ ਵਿਅਕਤੀ ਜਾਂ ਸੰਸਥਾ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਉਹ ਵਸਤੂ ਜਾਂ ਧਨ ਕਿਸੇ ਚੰਗੇ ਕਾਰਜ ਲਈ ਵਰਤਿਆ ਜਾਵੇ। ਹਰ ਧਰਮ ਵਿੱਚ ਦਾਨ ਦੇਣ ਦੀ ਭਾਵਨਾ ਨੂੰ ਵਡਿਆਇਆ ਗਿਆ ਹੈ, ਪਰ ਗੁਰਬਾਣੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਦਾਨ ਦੇਣ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ।
ਗੁਰੂ ਨਾਨਕ ਦੇਵ ਜੀ ਨੇ ਵੀ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਤੇ ਲੰਗਰ ਚਲਾ ਕੇ ਦਾਨ ਦੇਣ ਦੀ ਮਿਸਾਲ ਪੈਦਾ ਕੀਤੀ ਸੀ। ਦਾਨ ਕੇਵਲ ਮਾਲੀ ਹੀ ਨਹੀਂ ਸਗੋਂ ਜਿਸਮਾਨੀ ਜਾਂ ਦਿਮਾਗੀ ਸਹਾਇਤਾ ਵੀ ਹੋ ਸਕਦੀ ਹੈ। ਗੁਰਬਾਣੀ ਅਨੁਸਾਰ ਦਾਨ ਦੇਣਾ ਇੱਕ ਰੱਬੀ ਗੁਣ ਤੇ ਨੇਕ ਕੰਮ ਹੈ। ਵਾਹਿਗੁਰੂ ਆਪ ਹਰ ਕਿਸੇ ਨੂੰ ਮੰਗਣ ਤੋਂ ਬਿਨਾਂ ਹਮੇਸ਼ਾ ਦਾਨ ਦਿੰਦਾ ਹੈ:ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ।। ਗੁਰੂ ਨਾਨਕ ਦੇਵ ਜੀ (ਪੰਨਾ ੯੩੪)ਭਾਵ: ਮੰਗਣ ਤੋਂ ਬਿਨਾਂ ਹੀ ਵਾਗਿਗੁਰੂ ਹਰੇਕ ਜੀਵ ਨੂੰ ਦਾਨ ਦੇਂਦਾ ਹੈ, ਉਹ ਸਭ ਤੋਂ ਵਡਾ, ਅਗੰਮ ਤੇ ਬੇਅੰਤ ਹੈ।ਸਾਹਿਬੁ ਮੇਰਾ ਮਿਹਰਵਾਨੁ।। ਜੀਅ ਸਗਲ ਕਉ ਦੇਇ ਦਾਨੁ।। ਗੁਰੂ ਅਰਜਨ ਦੇਵ ਜੀ (ਪੰਨਾ੭੨੪)ਭਾਵ: ਮੇਰਾ ਮਾਲਕ -ਪ੍ਰਭੂ ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ ਹਰ ਕਿਸਮ ਦਾ ਦਾਨ ਦੇਂਦਾ ਹੈ।
ਗੁਰਬਾਣੀ ਅਨੁਸਾਰ ਅਸੀਂ ਸਾਰੇ ਜੀਵ ਇੱਕ ਪਿਤਾ ਦੀ ਔਲਾਦ ਹਾਂ ਸੋ ਜਿਥੋਂ ਤਕ ਹੋ ਸਕੇ ਸਾਨੂੰ ਲੋੜਵੰਦ ਨੂੰ ਆਪਣੀ ਕਮਾਈ ਵਿਚੋਂ ਦਾਨ ਦੇ ਕੇ ਉਸ ਨੂੰ ਉਸ ਦੇ ਪੈਰਾਂ ਤੇ ਖੜੇ ਹੋਣ ਦੇ ਯੋਗ ਬਣਾਉਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਰੇਕ ਨੂੰ ਆਪਣੀ ਕਮਾਈ ਵਿਚੋਂ ਦਸਵੰਧ ਕਢਣ ਦਾ ਆਦੇੇਸ਼ ਦਿੱਤਾ ਹੈ। ਗੁਰਬਾਣੀ ਵਿੱਚ ਦਾਨ ਦੇਣ ਦਾ ਵਿਸ਼ੇਸ਼ ਉਲੇਖ ਹੈ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:ਖਤ੍ਰੀ ਸੋ ਜੁ ਕਰਮਾ ਕਾ ਸੂਰੁ।। ਪੁੰਨ ਦਾਨ ਕਾ ਕਰੈ ਸਰੀਰੁ।। (ਪੰਨਾ ੧੪੧੧)ਭਾਵ: ਉਹ ਮਨੁੱਖ ਹੀ ਖਤਰੀ ਹੈ ਜੋ ਨੇਕ ਕੰਮ ਕਰਨ ਵਾਲਾ ਸੂਰਮਾ ਬਣਦਾ ਹੈ ਅਤੇ ਜੋ ਅਪਣੇ ਸਰੀਰ ਨੂੰ ਦਾਨ ਦੇਣ ਦਾ ਵਸੀਲਾ ਬਣਾਂਦਾ ਹੈ।ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ।। (ਪੰਨਾ ੧੨੪੦)