ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥ ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥ ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥ ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥ ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥
* ਪਦਅਰਥ: ਜਨਮ ਮਰਣ ਦੁਖੁ = ਜੰਮਣ ਤੋਂ ਲੈ ਕੇ ਮਰਨ ਤਕ ਦਾ ਦੁੱਖ, ਸਾਰੀ ਉਮਰ ਦਾ ਦੁੱਖ, ਮੌਤ ਦਾ ਸਹਮ ਜੋ ਸਾਰੀ ਉਮਰ ਪਿਆ ਰਹਿੰਦਾ ਹੈ। ਅਰਥ: ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁਖ ਮਿਲਦਾ ਹੈ, ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ; ਉੱਕਾ ਹੀ ਚਿੰਤਾ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ। ਮਨੁੱਖ ਦੇ ਅੰਦਰ ਹੀ
ਗਿਆਨ (-ਰੂਪ) ਤੀਰਥ ਹੈ, (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਇਸ ਤੀਰਥ ਦੀ) ਸਮਝ ਬਖ਼ਸ਼ੀ ਹੈ ਉਹ ਮਨੁੱਖ ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਦੇ ਤੀਰਥ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ। ਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਸੁਤੇ ਹੀ ਸਤਸੰਗੀ ਸਤਸੰਗੀਆਂ ਨੂੰ ਮਿਲਦੇ ਹਨ, (ਸਤਸੰਗ ਦੀ ਰਾਹੀਂ) ਪ੍ਰਭੂ ਵਿਚ ਬਿਰਤੀ ਜੋੜ ਕੇ, ਹਿਰਦੇ-ਰੂਪ ਘਰ ਵਿਚ ਉਹਨਾਂ ਨੂੰ (ਪ੍ਰਭੂ-ਸਿਮਰਨ ਰੂਪ) ਆਹਰ ਮਿਲ ਜਾਂਦਾ ਹੈ।
ਪਰ, ਪਖੰਡ ਕੀਤਿਆਂ ਮੌਤ ਦਾ ਸਹਮ ਨਹੀਂ ਛੱਡਦਾ, (ਪਖੰਡ ਦੀ) ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ। ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਇਸ ਸਹਮ ਤੋਂ) ਬਚ ਜਾਂਦੇ ਹਨ।੨। ਪਉੜੀ ॥ ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥ ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥ ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥ ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥ ਪਦਅਰਥ: ਬਿਲੋਈਐ = ਰਿੜਕੀਦਾ ਹੈ, ਵਿਚਾਰੀਦਾ ਹੈ।
= ਅਡੋਲਤਾ ਵਿਚ, ਟਿਕੇ ਹੋਏ ਮਨ ਨਾਲ। ਤਤੁ = ਅਸਲੀ ਚੀਜ਼। ਲਿਲਾਟਿ = ਮੱਥੇ ਉੱਤੇ। ਗਲੋਈਐ = ਆਖਦਾ ਹੈ। ਅਰਥ: (ਹੇ ਭਾਈ!) ਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ, (ਉਥੇ ਜਾ ਕੇ) ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ।(ਸਤ ਸੰਗ ਵਿਚ) ਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂ
ਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ। (ਪਰ, ਸਤਸੰਗ ਵਿਚ ਭੀ) ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ (ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੋਇਆ ਹੈ। (ਹੇ ਭਾਈ!) ਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਹੈ।੪। ਗੁਰੂ ਰੁਪ ਸਾਧ ਸਂਗਤ ਜਿਓ ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ